Sunday 28 December 2014

ਹਸ਼ਰ

ਤੇਰੇ ਸ਼ਹਿਰ ਅੰਦਰ ਸੂਰਜ ਹੁਣ
ਅਛੋਪਲੇ ਜੇ ਨਈਂ ਚਲਾ ਜਾਂਦਾ
ਰਾਤ ਦੀ ਗੋਦ ਵਿਚ

ਤੇਰੇ ਸ਼ਹਿਰ ਦੀਆਂ ਕੰਕਰੀਟੀ ਜਗੀਰਾਂ
ਉਸਦੇ ਜਿਸਮ ਨੂੰ ਝਰੀਟ ਦਿੰਦੀਆਂ ਨੇ
ਪੱਛਿਆ ਹੋਇਆ ਲਹੂ ਸਿੰਮਿਆ ਪਿੰਡਾ
ਡਿੱਗ ਪੈਂਦਾ ਹੈ ਧੜੱਮ ਕਰਕੇ

ਕੁਦਰਤ ਦੀ ਕਾਦਰ ਨੂੰ
ਖਤਮ ਕਰਦਾ ਆਦਮੀ
ਖੁਦ ਮੌਤ ਵੱਲ ਸਰਕ ਰਿਹਾ ਪਲ ਪਲ

ਪਹਿਲਾਂ ਵਰਗਾ ਕੁਝ ਵੀ ਤੇ ਨਹੀਂ
ਹੁਣ ਬੰਦਾ ਪਿਆਰ ਨਾਲ ਨਹੀਂ ਆਂਕਿਆ ਜਾਂਦਾ
ਵਸਤੂ ਉਸਦਾ ਕੱਦ ਦੱਸਦੀ ਹੈ

ਤੇਰੇ ਸ਼ਹਿਰ ਵਿਚ ਮੈਂ
ਬੇਗਾਨਾ ਹੀ ਨਹੀਂ ਪਛਾਣਹੀਣ ਵੀ ਹਾਂ
ਆਪਣੇ ਅਕਾਰ ਨੂੰ ਖੋਜਦਾ
ਗਵਾਚਿਆ ਹੋਇਆ ਪਰਛਾਵਾ

ਚਲ ਮੇਰਾ ਹਸ਼ਰ ਤਾਂ ਏਵੇ ਹੀ ਸੀ
ਪਰ ਤੇਰੇ ਸੁਪਨਿਆਂ ਦਾ ਅੰਤ ਵੀ
ਕੁਝ ਅਨੋਖਾ ਨਹੀਂ ਹੋਇਆ

ਹੁਣ ਮੈਂ ਬੇਨਾਮੀ ਕਬਰ ਹਾਂ
ਤੂੰ ਬੇਚੈਨ ਆਤਮਾ..............








ਮੇਰੀ ਮਾਂ
ਕੋਇਆਂ ਦੇ ਵਿਚ ਪਥਰਾਏ
ਸੁਪਨਿਆਂ ਦੀ ਦਾਸਤਾਨ
ਕਦੇ ਵੀ ਨਾ ਮੈਂ ਪੜ ਸਕਿਆ

ਉਸਦੀ ਚੁੱਪ ਵਿਚ ਕਿੰਨਾ
ਖੌਰੂ ਸੀ ਮਰੀਆਂ ਸੱਧਰਾਂ ਦਾ
ਅਤੇ ਮੈਂ ਹਮੇਸ਼ਾਂ ਇਸ ਨੂੰ
ਸੰਤੁਸ਼ਟੀ ਆਖਦਾ ਰਿਹਾ।

ਬੋਝਲ ਹੋਏ ਫਰਜ਼ਾਂ ਦੀ
ਲਾਸ਼ ਚੁੱਕੀ ਓਹ
ਕੁੱਬੀ ਹੋ ਕੇ ਚੱਲਦੀ
ਮੈਂਨੂੰ ਉਮਰ ਦਾ ਤਕਾਜ਼ਾ ਲੱਗੀ।

ਕਿੰਨਾ ਤਾਜ਼ੁਬ ਹੈ
ਉਸ ਦੀ ਹੋਂਦ ਦੇ ਅਰਥ
ਨਿਰਜੀਵ ਰਹੇ ਸਦਾ ਹੀ
ਪੱਥਰ ਦੇ ਨਾਂ ਨਾਲ ਪੈਦਾ ਹੋ ਕੇ
ਘਰਾਂ ਦੀ ਨੀਂਹ ਤੋਂ ਅੱਗੇ
ਪਰਿਵਾਰ ਦੀ ਛੱਤ ਤੱਕ
ਉਸ ਦਾ ਸਫਰ ਸਥੂਲ ਰਿਹਾ

ਬਲੀਦਾਨ ਦੀ ਸਿੱਖਿਆ
ਜੰਮਦੇ ਥੋਪ ਦਿੱਤੀ
ਦੁੱਧ ਦੇ ਕਰਜ਼ ਨਾਲ ਨਾਲ

ਸੱਚੀਂ ਹੀ ਉਸ ਨੇ
ਕੀ ਕੀ ਮਾਰ ਦਿੱਤਾ ਜਿੰਦਗੀ ਦਾ
ਮੇਰੇ ਜਿਉਣ ਲਈ








ਸੱਚ ਦੱਸੀਂ

ਸੱਚ ਦੱਸੀਂ
ਮੇਰੀਆਂ ਯਾਦਾਂ ਦਾ ਨਿੱਘ
ਕਿੰਨਾ ਕੁ ਹੈ ਤੇਰੇ ਅੰਦਰ
ਜੋ ਵਿਛੋੜੇ ਦੀ ਸਰਦ ਰੁੱਤ
ਕਰ ਦਿੰਦਾ ਨਿੱਘ ਭਰੀ।

ਸੱਚ ਦੱਸੀਂ
ਵਰਕਿਆਂ ਤੇ ਫੈਲੇ ਅੱਖਰ
ਰੂਹ ਤੇ ਪਰਛਾਵਾਂ ਪਾਉਂਦੇ ਨੇ
ਜਾਂ, ਨਿਰਜਿੰਦ ਹੋਏ
ਕਾਗਜ ਦੀ ਕਬਰ ਚ
ਦਫਨ ਹੋ ਗਏ ਨੇ।

ਸੱਚ ਦੱਸੀਂ
ਹੁਣ ਤਾਰਿਆਂ ਚੋਂ ਨਕਸ਼ ਉਘਾੜਦਾ
ਚਿਹਰਾ ਕਿਸਦਾ ਹੈ
ਜਿਸਨੂੰ ਦੇਖ ਕੇ ਤੂੰ ਸਹਿਮ ਜਾਨੀ ਏ

ਸੱਚ ਦੱਸੀਂ
ਵਕਤ ਦੀਆਂ ਹੇਰਾ-ਫੇਰੀਆਂ
ਤੇਰੇ ਮੇਰੇ ਪਿਆਰ ਨੂੰ
ਸਦੀਵੀ ਸਾਂਝ ਨਾਲੋਂ ਤੋੜ ਕੇ
ਵਕਤੀ ਅਰਥ ਤਾਂ ਨਹੀਂ ਦੇ ਗਈਆਂ
ਸੱਚ ਦੱਸੀਂ..........

ਪਲਵਿੰਦਰ ਸਿੰਘ


ਮੈਂ ਤੇ ਓਹ
ਮੈਂ ਉਸ ਕੋਲ ਰੂਹ ਲੈ ਕੇ ਜਾਂਦੀ
ਹਰ ਵਾਰ 
ਓ ਮੇਰੇ ਕੋਲ ਜਿਸਮ ਲੈ ਕੇ ਆਉਂਦਾ 
ਹਰ ਵਾਰ

ਮੈਨੂੰ ਅਪਣੇ ਕਲਾਵੇ ਚ ਲੈ
ਇਕੋ ਵਾਕ ਕਹਿੰਦਾ
ਮੇਰੀ ਪਿਆਸ ਏ ਤੂੰ......

ਮੈਂ ਲਰਜ਼ਦੀ ਤੇ ਤਰਸਦੀ
ਰੂਹ ਵਿਚ ਸਮਾਉਣ ਲਈ
ਓਹ ਲਪੇਟ ਲੈਂਦਾ ਮੇਰਾ ਜਿਸਮ
ਅਪਣੇ ਜਿਸਮ ਤੇ 

ਮੈਨੂੰ ਉਸਦੇ ਸਾਹਾਂ ਦੀ ਸਰਗਮ
ਚੰਗੀ ਤੇ ਮਦਹੋਸ਼ ਲੱਗਦੀ
ਉਸਨੂੰ ਮੇਰੇ ਜਿਸਮ ਦੀਆਂ 
ਗੋਲਾਈਆਂ ਨਾਲ ਖੇਡਣਾ
ਭਾਉਂਦਾ

ਮੈਂ ਵਿਛ ਜਾਂਦੀ ਧਰਤ ਬਣ ਕੇ
ਮੇਰੇ ਉਪਰ ਓ ਬੋਚ ਬੋਚ 
ਪੈਰ ਟਿਕਾਉਂਦਾ 
ਮੇਰੇ ਪਾਰ ਚਲਾ ਜਾਂਦਾ

ਉਹ ਪਿੰਡੇ ਦਾ ਪੈਂਡਾ 
ਮਕਾਉਂਦਾ ਰਿਹਾ ਉਮਰ ਭਰ
ਮੈਂ ਰੂਹ ਦੀਆਂ ਪਗਡੰਡੀਆਂ ਤੇ
ਭਟਕਦੀ ਰਹੀ
ਅਸੀਂ ਰਸਤਿਆਂ ਦੀਆਂ ਚੌਧੀਆਂ ਵਿਚ
ਵਿਛੜੇ..

ਕਦੇ ਇਕ ਨਾ ਹੋਏ।
ਹੋਣੀ

ਕਿੰਨਾ ਓਹਲਾ ਹੈ ਵਕਤ ਦਾ
ਤੇ ਕਿੰਨਾ ਹੀ ਪਰਦਾ ਹੈ
ਰਿਸ਼ਤਿਆਂ ਦਾ...

ਜਿਨਾਂ ਵਿਚ ਪਰਤ ਦਰ ਪਰਤ
ਪਤਾ ਨਹੀਂ ਕੀ ਕੁਝ
ਵਲੇਟਿਆ ਜਾਂਦਾ ਹੈ
ਮੋਹ ਦੇ ਨਾਂ ਤੇ..

ਵਲੇਟ ਲਿਆ ਜਾਂਦਾ ਆਦਮੀ ਦਾ
ਅਪਣਾਪਣ
ਜਿਉਣ ਦੇ ਮਕਸਦਾਂ ਦੇ ਅਰਥ

ਆਦਮੀ ਦੀ ਸੋਚ ਦੀ
ਮਹਿਦੂਦੀਅਤ ਉਸਨੂੰ
ਇਨਸਾਨੀਅਤ ਦੇ ਪਹਿਲੂ
ਕੁਝ ਹੋਰ ਹੀ ਦੱਸਦੀ

ਉਹ ਤੁਰ ਪੈਂਦਾ
ਸਮਾਜ ਦੇ ਬਿਖੜੇ ਰਾਹਾਂ ਤੇ
ਹਨੇਰ ਮੰਜ਼ਿਲਾਂ ਸਰ ਕਰਨ
ਤੇ
ਪਰਿਵਾਰ ਦੇ ਬ੍ਰਹਿਮੰਡ ਦਾ
ਸਿਕੰਦਰ ਕਹਾਉਣ


ਬੱਸ ਵਕਤ ਉਸ ਚੱਕਰ ਵਿਚ
ਤੁਹਾਨੂੰ 84 ਦਾ ਗੇੜ ਦਿੰਦਾ
ਰਿਸ਼ਤੇ ਇਸ ਗੇੜ ਦੇ
ਗਵਾਹ ਬਣਦੇ।

ਪਲਵਿੰਦਰ ਸੰਧੂ