Tuesday 7 April 2015

 ਫ਼ਿਦਰਤ

ਕਿੰਨਾ ਅਚੰਭੀ ਵਰਤਾਰਾ ਹੈ
ਅਸੀਂ ਬੰਦਿਆਂ ਨਾਲੋਂ ਟੁੱਟ
ਜੁਡ਼ ਜਾਂਦੇ ਹਾਂ
ਥਾਵਾਂ ਦੇ ਨਾਲ
ਰਿਸ਼ਤਿਆਂ ਦੇ ਵਾਗੂੰ

ਅਲਵਿਦਾ ਸਹਿਜ ਨਹੀਂ ਹੁੰਦੀ
ਬਹੁਤ ਹੁੰਦੀ ਹੈ ਟੁੱਟ ਭੱਜ
ਦਿਲਾਂ ਦੀ
ਸੁਪਨਿਆਂ ਦੀ
ਵਿਸ਼ਵਾਸ਼ਾਂ ਦੀ
ਮੋਹ ਦੀ
ਸਭ ਤੋਂ ਵਡੇਰੀ ਖੁਦ ਦੀ

ਖੁਦ ਦਾ ਟੁੱਟਿਆ ਅਪਣਾ ਪਣ
ਬੇਪਨਾਹ ਹੋ
ਭਟਕਦਾ ਹੈ ਦਿਲ ਦੀਆਂ
ਰੋਹੀਆਂ ਚ ਭਟਕਣ ਬਣ

ਖਿੰਡਿਆ ਪੁੰਡਿਆ ਬੋਝਲ ਹੋਇਆ
ਅਹਿਸਾਸ ਜਿੰਦਗੀ ਦਾ
ਧੂਹ ਕੇ ਹੀ ਪੈਂਦਾ ਲਿਜਾਣਾ
ਨਵੀਆਂ ਥਾਵਾਂ ਤੇ

ਪਰ
ਨਵਾਂ ਵੀ ਕੀ ਹੁੰਦਾ ਹੈ
ਨਾਵਾਂ ਤੋਂ ਬਿਨਾਂ
ਉਵੇਂ ਹੀ ਸਭ ਕੁਝ ਹੁੰਦਾ ਹੈ
ਸਿਵਾਏ ਪਿਛੇ ਛੁਟਿਆਂ ਦੇ

ਬਦਲੇ ਟਿਕਾਣੇ ਵੀ
ਟੇਕ ਨਹੀਂ ਹੁੰਦੇ
ਮਨਾਂ ਚ ਪਸਰੀ ਬੇਚੈਨੀ ਦੇ

ਚੱਲੋ ਕਿਉਂ ਦੋ ਰਾਹੀ ਚੁਣੀਏ
ਰਾਸਤਾ ਜਿੰਦਗੀ ਦਾ
ਇਕੋ ਹੀ ਪੈਡਾਂ ਮੁੱਕ ਜਾਵੇ
ਇਹੋ ਬਹੁਤ ਆ

ਪਿਛਲਾਤ ਵਿਚ ਵੀ
ਸਿਵਾਏ ਦਰਦ ਦੀ ਪਰਛਾਈ ਦੇ
ਕੁਝ ਵੀ ਤਾਂ ਨਹੀਂ
ਦੇਖਣ ਯੋਗ .........

                          ਪਲਵਿੰਦਰ ਸੰਧੂ

Monday 6 April 2015

 ਉਲਾਂਭਾ

ਕਿਸ ਦੀ ਬਾਤ ਕਰੇ ਦੱਸ ਦਿਲ ਹੁਣ
ਕਿਸਨੂੰ ਕੂਕ ਸੁਣਾਵੇ ਸੱਜਣਾ....
ਬਿਖਰਿਆ ਹੋ ਕੇ ਟੁਕੜੇ ਟੁਕੜੇ
ਕੁਝ ਵੀ ਸਮਝ ਨਾ ਆਵੇ ਸੱਜਣਾ.......

ਪੈਰ ਪੈਰ ਤੇ ਬਦਲਦੇ ਚੇਹਰੇ
ਜੋ ਕਰਦੇ ਗੱਲ ਕਿਰਦਾਰਾਂ ਦੀ
ਫੁੱਲ ਵੀ ਵਰਤੇ ਖਾਰਾਂ ਵਾਗੂੰ
ਇਤਬਾਰ ਕਿਵੇਂ ਹੁਣ ਆਵੇ ਸੱਜਣਾ........

ਫ਼ਿਦਰਤ ਵੇਖ ਜਮਾਨੇ ਦੀ
ਕੁਫ਼ਰ ਦੀ ਇਥੇ ਚੌਧਰ ਹੈ
ਕੌਣ ਪਾਏ ਪਾਣੀ ਦੇ ਛਿੱਟੇ
ਜਦ ਅੱਗ ਹੀ ਆਪਣਾ ਲਾਵੇ ਸੱਜਣਾ....

ਕਯਾ ਖੂਬ ਨਿਭਾਈ ਯਾਰੀ
ਵੱਟੇ ਦੇ ਵਿਚ ਪਾਈ ਯਾਰੀ
ਸੌਦੇਬਾਜ਼ੀ ਹੋ ਗਈ ਜ਼ਿੰਦਗੀ
ਦੱਸ ਕੋਈ ਕੀ ਦੇ ਜਾਵੇ ਸੱਜਣਾ...

                   ਪਲਵਿੰਦਰ ਸੰਧੂ
ਭਗਤ ਸਿੰਘ

ਭਗਤ ਸਿੰਘ ਸੁਣੀ ਇਕ ਵਾਰਤਾ ਤੂੰ
ਅਰਥ ਹੋਂਦ ਤੇਰੀ ਦਾ ਅਸੀਂ ਬਦਲਾ ਦਿੱਤਾ

ਜਿਥੇ ਚੁੰਮਿਆ ਰੱਸਾ ਤੂੰ ਫਾਂਸੀ ਵਾਲਾ
ਤਖ਼ਤ ਕਦੋਂ ਦਾ ਉਹ ਹਟਾ ਦਿੱਤਾ

ਦੇਸ਼ ਤੇਰੇ ਨੂੰ ਵੰਡ ਦੋਫਾੜ ਕਰਿਆ
ਤੈਨੂੰ ਪਤਾ ਨਹੀਂ ਕਿਸ ਹਿੱਸੇ ਪਾ ਦਿੱਤਾ

ਤੂੰ ਤੋੜਿਆ ਧਰਮ ਦੀਆਂ ਵਲਗਣਾਂ ਨੂੰ
ਅਸੀਂ ਤੈਨੂੰ ਹੀ ਧਰਮੀ ਬਣਾ ਦਿੱਤਾ

ਕੋਈ ਫੜਾਉਂਦਾ ਹੈ ਤੇਰੇ ਹੱਥ ਮਾਲਾ
ਕਿਸੇ ਤੈਨੂੰ ਅੰਮ੍ਰਿਤ ਛਕਾ ਦਿੱਤਾ

ਤੇਰੀ ਸੋਚ ਕੀ ਸੀ ਅਸੀ ਸੋਚਿਆ ਕੀ
ਤੈਨੂੰ ਵੈਲੀਆਂ ਵਰਗਾ ਦਿਖਾ ਦਿੱਤਾ

ਕਿਤਾਬ ਲਕੋ ਲਈ ਤੇਰੇ ਤੋਂ ਗਿਆਨ ਵਾਲੀ
ਪਿਸਤੌਲ ਚਲਾਕੀ ਨਾਲ ਤੈਨੂੰ ਫੜਾ ਦਿੱਤਾ

ਵਰਤੀ ਦਿੱਖ ਤੇਰੀ ਆਪਾਂ ਸਵਾਰਥਾਂ ਲਈ
ਕਦੇ ਪੱਗ ਬੰਨੀ ਕਦੇ ਟੋਪ ਪਾ ਦਿੱਤਾ

ਲੋਕ ਪੜ ਲੈਂਦੇ ਤਾਂ ਸ਼ਾਇਦ ਜਾਗ ਜਾਂਦੇ
ਕਿਤਾਬਾਂ ਤੇਰੀਆਂ ਨੂੰ ਵੀ ਨਾਲ ਜਲਾ ਦਿੱਤਾ

ਬੱਸ ਪੱਗਾਂ ਬੰਨ ਕੇ ਰੀਸ ਤੇਰੀ ਕਰਨ ਜੋਗੇ
ਅਸਲ ਭਗਤ ਤਾਂ ਅਸੀਂ ਲੁਕਾ ਦਿੱਤਾ

ਡਰ ਤੇਰੇ ਤੋਂ ਬਹੁਤਾ ਹੀ ਆਉਂਦਾ ਸੀ
ਘਰੋਂ ਕੱਢਿਆ ਤੇ ਚੌਂਕ ਚ ਲਾ ਦਿੱਤਾ

ਕ੍ਰਾਂਤੀ ਕੀ ਸੀ ਅਸੀਂ ਨੇ ਕੀ ਦੱਸੀ
ਭੰਬਲਭੂਸਿਆਂ ਦਾ ਦੌਰ ਚਲਾ ਦਿੱਤਾ


ਭਗਤ ਸਿੰਘ ਨਾ ਰਿਹਾ ਭਗਤ ਸਿੰਘ ਹੁਣ
ਭਗਤ ਸਿੰਘ ਤਾਂ ਕਦੋਂ ਦਾ ਗਵਾ ਦਿੱਤਾ

                         ਪਲਵਿੰਦਰ ਸੰਧੂ