Friday 20 February 2015

ਨਵੇਂ ਰੰਗ

ਅਪਣਾ ਰਿਸ਼ਤਾ ਵੀ
ਸਲਾਬੇ ਕਮਰੇ ਚੋਂ
ਮਾਰਦੀ ਹਮਕ ਵਰਗਾ ਹੈ
ਜੋ ਦਿਮਾਗ ਵਿਚ ਜਾ ਕੇ
ਹੋਰ ਵਿਚਾਰ ਕਰ ਦਿੰਦਾ ਹੈ , ਗੈਰਹਾਜ਼ਿਰ ।

ਇਸ ਵਿਚ ਸੁਖਦ ਅਹਿਸਾਸ ਵਰਗਾ
ਕੁਝ ਵੀ ਨਹੀਂ ਹੁੰਦਾ ਮਾਣਨ ਦੇ ਯੋਗ
ਮੋਇਆਂ ਚੋਂ ਕਦੇ ਖਿੱਚ ਪਾਉੰਦੀ
ਜਿਸਮੀ ਖੁਸਬੋ ਨਹੀਂ ਹੁੰਦੀ
ਉਹ ਤਾਂ ਮੁਸ਼ਕ ਹੁੰਦੀ ਹੈ
ਮਾਸ ਦੇ ਮਰੇ ਚਿਥੜਿਆਂ ਦੀ ।

ਅਸੀਂ ਐਵੇਂ ਹੀ ਗਲ੍ਹੇ ਰਿਸ਼ਤੇ ਦੀ
ਸੜਾਂਦ ਵਿਚ ਜਿਉਂ ਰਹੇ ਜੀਅ ਹਾਂ
ਨਰਗਿਸੀ ਫੁੱਲਾਂ ਦੀ ਮਹਿਕੀ ਪੌਣ ਤੋਂ
ਬੇਖ਼ਬਰ
ਸਮਾਜੀ ਰੂੜੀਆਂ ਵਿਚਲੀ ਸਬਾਤ ਚ
ਸਰੁੱਖਿਅਤ ਅਤੇ ਸੁਖਰੂਪਣ ਕਿਆਸਦੇ ।

ਪਰ ਕੈਦ ਕਦੇ ਖੁਸ਼ੀ ਨਹੀਂ ਦਿੰਦੀ
ਉਹ ਤਾਂ ਆਪੇ ਦਾ ਕਤਲ ਹੁੰਦੀ ਹੈ
ਪਾਰ ਤੋਂ ਉਰਾਂ ਹੀ ਮਰੀ ਸੱਧਰ ਦੀ
ਵਾਰਤਾ ਲਿਖਦੇ ਹਨੇਰਿਆਂ ਦਾ ਜਮਘਟਾ।

ਚਲ ਮੇਰੇ ਮਹਿਬੂਬ
ਅਸੀਂ ਅਜ਼ਾਦ ਹੋਈਏ
ਰਿਸ਼ਤਿਆਂ ਦੇ ਨਾਵਾਂ ਤੋਂ
ਪਹਿਚਾਣ ਦੇ ਅਰਥਾਂ ਤੋਂ ਪਾਰ
 ਬੇਨਾਮ ਅਪਣੇਪਣ ਵਿਚ
ਪਿਆਰ ਦੀ ਉਡਾਣ ਭਰੀਏ।

ਆਸਾਂ ਦੇ ਜੁਗਨੂੰਆਂ ਨੂੰ
ਮਾਯੂਸ ਰਾਤਾਂ ਵਿਚ ਛੱਡੀਏ
ਤਿਤੱਲੀਆਂ ਦੀ ਕੋਮਲਤਾ ਪਾਲ਼ੀਏ
ਤਾਂ ਜੋ ਪਿਆਰ ਦਾ ਫੁੱਲ
ਕਦੇ ਨਾ ਟੁੱਟੇ।

ਆਜਾ ਅਸੀਂ ਸਾਡੇ ਤੌਂਖਲੇ
ਤਿਲਾਂ ਦੀ ਪੂਲੀ ਵਾਗੂੰ ਝਾੜ ਸੁੱਟੀਟੇ
ਹਿਜ਼ਰੋ ਗ਼ਮ ਦੀ ਅਲੁਹਣੀ ਛੱਡ
ਮਹੁੱਬਤਾਂ ਦੀ ਕਵਿਤਾ ਲਿਖੀਏ

ਅਸੀਂ ਖੁਦ ਨੂੰ ਮਰਦੂਦ ਕਰੀਏ
ਅਪਣਾ ਵਜੂਦ ਦੂਜੇ ਚੋਂ ਤਲਾਸ਼ੀਏ
ਚਲ ਆਪਾਂ
ਅਪਣੇ ਤੋਂ ਪਾਰ ਚੱਲੀਏ।
ਇਕ ਵੇਸਵਾ

 ਮੇਰੇ ਦਿਲ ਵਿਚ ਇਕ ਸੁਪਨੇ ਦੀ ਕਬਰ
ਕਿੰਨੇ ਹੀ ਸਾਲਾਂ ਤੋਂ ਸਹਿਕ ਰਹੀ ਹੈ
ਰੋਜ਼ ਹੀ ਮਾਤਮੀ ਸਿਸਕੀਆਂ ਭਰਦੀ ਮੈਂ
ਜਿਉਂ ਰਹੀ ਹਾਂ ਇਸ ਕਬਰ ਅੰਦਰ

ਮੇਰੀ ਜਿੰਦਗੀ ਸੌਂ ਜਾਂਦੀ ਹੈ
ਚੜਦੇ ਸੂਰਜ ਨਾਲ
ਅਤੇ ਜ਼ਿੰਦਗੀ ਦੀ ਹੋਂਦ ਦਾ ਅਹਿਸਾਸ
ਕਾਲਾ ਚੰਨ ਕਰਾਉਂਦਾ ਹੈ

ਮੇਰੀ ਮੁਕਤੀ ਕਿਸੇ ਇਬਾਦਤ ਵਿਚ ਨਹੀਂ
ਮੇਰੀ ਸਾਰਥਿਕਤਾ ਬਸ ਭੋਗਣ ਚ ਹੈ
ਕਾਲਖ ਦਾ ਵਪਾਰ ਕਰਦੀ ਮੈਂ
ਕਿੰਨੀ ਲਿਪਾ ਪੋਚੀ ਕਰਦੀ ਹਾਂ
ਸਮਾਜ ਦੀ ਕਰੂਰਤਾ ਨੂੰ ਲਕੋਣ ਲਈ

ਸਲ੍ਹਾਬੀਆਂ ਕੋਠੜੀਆਂ ਅੰਦਰ
ਮੁਸ਼ਕੇ ਸਾਹਾਂ ਵਿਚ ਜਿਉਂਦੀ
ਆਰਜਾ ਦੀ ਲਾਸ਼ ਨੂੰ ਧੂਹਦੀਂ
ਫੱਟਿਆਂ ਤੇ ਭਾਵ ਵਿਹੂਣਾ ਲੋਥੜਾ ਹੁੰਦੀ ਹਾਂ

ਜਿਨਸੀ ਭੁਖ ਮਿਟਾਉਂਦੀ
ਮੈਂ ਅਹਿਸਾਸਾਂ ਦੇ ਕੁਪੋਸਣ ਦਾ ਸੰਤਾਪ
ਸਦੀਆਂ ਤੋਂ ਹੰਢਾ ਰਹੀ ਹਾਂ

ਮੇਰੇ ਘਰਾਂ ਦੇ ਅਰਥ ਵੀ ਹੋਰ ਨੇ
ਜਿਉਣ ਦੀ ਖਾਹਿਸ਼ ਦੇ ਮੋਹ ਵਿਚ
ਮੈਂ ਮਿਲੀ ਸਰਾਂ ਦੀ ਪਨਾਹ ਨੂੰ
ਸਦੀਵੀ ਬਸੇਰਾ ਮੰਨਦੀ ਹਾਂ

ਉਮਰ ਦੇ ਹੇਰ ਫੇਰ ਵੀ
ਮੇਰੇ ਮੁੱਲ ਨੂੰ ਫਾਲਤੂ ਮੁੱਲ ਦਿੰਦੇ ਨੇ
ਮੈਂ ਚਹਿਕਦੇ ਅਤੇ ਟਹਿਰਦੇ ਕੋਠਿਆਂ ਤੋਂ
ਸ਼ਹਿਰ ਦੀਆਂ ਬੇਨਾਮ ਰਾਹਾਂ ਤੇ ਚਲੀ ਜਾਂਦੀ ਹਾਂ
ਇਕ ਲਵਾਰਿਸ ਭਟਕਦੀ ਰੂਹ ਬਣ ਕੇ

ਮੇਰੇ ਕਿੰਨੇ ਹੀ ਰਿਸ਼ਤੇ ਨੇ
ਬਿਨਾਂ ਵਿਆਹੀ ਮਾਂ
ਅਤੇ ਖਸਮ ਮਰੇ ਬਿਨਾਂ ਰੰਡੀ

ਕਿੰਨਾ ਇਤਫਾਕ ਹੈ ਕਿ
ਸਮਾਜ ਦਾ ਸਭਿਅਕ ਹਵਸੀ ਕੂੜਾ ਸਾਫ ਕਰਦੀ
ਮੈਂ, ਦੁਨੀਆਂ ਦੀ ਸਭ ਤੋਂ ਗੰਦੀ ਚੀਜ਼ ਹਾਂ।
 ਤਬੀਅਤ

ਕਿੰਨਾ ਅਚੰਭੀ ਵਰਤਾਰਾ ਹੈ
ਅਸੀਂ ਬੰਦਿਆਂ ਨਾਲੋਂ ਟੁੱਟ
ਜੁਡ਼ ਜਾਂਦੇ ਹਾਂ
ਥਾਵਾਂ ਦੇ ਨਾਲ
ਰਿਸ਼ਤਿਆਂ ਦੇ ਵਾਗੂੰ

ਅਲਵਿਦਾ ਸਹਿਜ ਨਹੀਂ ਹੁੰਦੀ
ਬਹੁਤ ਹੁੰਦੀ ਹੈ ਟੁੱਟ ਭੱਜ
ਦਿਲਾਂ ਦੀ
ਸੁਪਨਿਆਂ ਦੀ
ਵਿਸ਼ਵਾਸ਼ਾਂ ਦੀ
ਮੋਹ ਦੀ
ਸਭ ਤੋਂ ਵਡੇਰੀ ਖੁਦ ਦੀ

ਖੁਦ ਦਾ ਟੁੱਟਿਆ ਅਪਣਾ ਪਣ
ਬੇਪਨਾਹ ਹੋ
ਭਟਕਦਾ ਹੈ ਦਿਲ ਦੀਆਂ
ਰੋਹੀਆਂ ਚ ਭਟਕਣ ਬਣ

ਖਿੰਡਿਆ ਪੁੰਡਿਆ ਬੋਝਲ ਹੋਇਆ
ਅਹਿਸਾਸ ਜਿੰਦਗੀ ਦਾ
ਧੂਹ ਕੇ ਹੀ ਪੈਂਦਾ ਲਿਜਾਣਾ
ਨਵੀਆਂ ਥਾਵਾਂ ਤੇ

ਪਰ
ਨਵਾਂ ਵੀ ਕੀ ਹੁੰਦਾ ਹੈ
ਨਾਵਾਂ ਤੋਂ ਬਿਨਾਂ
ਉਵੇਂ ਹੀ ਸਭ ਕੁਝ ਹੁੰਦਾ ਹੈ
ਸਿਵਾਏ ਪਿਛੇ ਛੁਟਿਆਂ ਦੇ

ਬਦਲੇ ਟਿਕਾਣੇ ਵੀ
ਟੇਕ ਨਹੀਂ ਹੁੰਦੇ
ਮਨਾਂ ਚ ਪਸਰੀ ਬੇਚੈਨੀ ਦੇ

ਚੱਲੋ ਕਿਉਂ ਦੋ ਰਾਹੀ ਚੁਣੀਏ
ਰਾਸਤਾ ਜਿੰਦਗੀ ਦਾ
ਇਕੋ ਹੀ ਪੈਡਾਂ ਮੁੱਕ ਜਾਵੇ
ਇਹੋ ਬਹੁਤ ਆ

ਪਿਛਲਾਤ ਵਿਚ ਵੀ
ਸਿਵਾਏ ਦਰਦ ਦੀ ਪਰਛਾਈ ਦੇ
ਕੁਝ ਵੀ ਤਾਂ ਨਹੀਂ
ਦੇਖਣ ਯੋਗ .........