Wednesday 6 May 2015

ਕਦੋਂ ਤੱਕ............

ਬੂੰਦ-ਬੂੰਦ ਕਰਕੇ
ਤਿਲਕ ਗਏ
ਜ਼ਿੰਦਗੀ ਦੇ ਕਿੰਨੇ ਵਰ੍ਹੇ
ਤਰੇਲ ਵਾਂਗ
ਮੇਰੀ ਉਮਰ ਦੀ ਧਰੇਕ ਚੋਂ

ਚਾਵਾਂ ਦੇ ਸਿਵਿਆਂ ਦੀ
ਰਾਖ਼ ਵੇਖ ਕੇ
ਕਿੰਨੀਆਂ ਹੀ ਉਮੀਦਾਂ ਦੀਆਂ ਯਾਦਾਂ
ਮਸਾਣਾਂ ਦੀ ਚੁੱਪ ਵਿਚ ਵੱਟ ਗਈਆਂ

ਹੌਲੀ ਹੌਲੀ ਫਿੱਕੇ ਪੈ ਗਏ
ਪਿਆਰਾਂ ਦੀ ਚਾਦਰ ਤੋਂ
ਰਿਸ਼ਤਿਆਂ ਦੇ ਕਸਤੂਰੀ ਫੁੱਲ

ਮੇਰੀ ਹਯਾਤੀ
ਬੀਤ ਗਈ ਹੈ
ਇਸ਼ਕ ਦੇ ਰਾਹਾਂ ਚੋਂ
ਹਿਜ਼ਰ ਦਾ ਭੱਖੜਾ
ਚੁੱਗਦਿਆਂ ਚੁੱਗਦਿਆਂ

ਕੀ ਆਖਾਂ
ਇਹ ਜ਼ਿੰਦਗੀ ਦੀਆਂ ਸਰਗੋਸ਼ੀਆਂ
ਲਤੀਫੇ ਹੋ ਗਈਆ।

ਆਖਿਰ ਕਦੋਂ ਤੱਕ
ਮੈਂ ਰਾਤ ਦਾ ਇੰਤਜ਼ਾਰ ਕਰਾਂਗਾ
ਤੇ ਤੂੰ
ਕਦੋਂ ਤੱਕ
ਸਿਰਫ ਚੰਨ ਵਿਚੋਂ ਹੀ ਦਿਖੇਂਗੀ

                ਪਲਵਿੰਦਰ ਸੰਧੂ



ਯਾਦ
ਕਿੰਨਾ ਹੀ ਕੁਝ ਮੇਰੇ ਅੰਦਰ ਬਿਖਰਿਆ ਪਿਆ
ਤੇਰੇ ਆਉਣ ਤੋਂ ਪਹਿਲਾਂ ਤੇ ਤੇਰੇ ਜਾਣ ਤੋਂ ਬਾਅਦ
ਹੁਣ ਸੋਚਦੀ ਹਾਂ  ਕੀ ਹੈ ਇਹ ?
ਜੋ ਖਿੰਡਿਆ ਪਿਆ ਏ
ਮੇਰੇ ਦਿਲ ਦੀਆਂ ਪਗਡੰਡੀਆਂ ਤੇ
ਰੋਕ ਦਿੰਦਾ ਹੈ ਮੇਰੇ ਕਦਮਾਂ ਨੂੰ
ਮੇਰੇ ਤੱਕ ਜਾਣ ਤੋਂ ਹਰ ਵਾਰ ..........
ਮੈਂ ਤਾਂ ਕਦੇ ਸੋਚਿਆ ਨਹੀਂ ਸੀ
ਕਿ ਮੈਂ ਬਿਖਰ ਜਾਂਵਾਗੀ
ਇਸ ਤਰਾਂ ਪੋਟਾ ਪੋਟਾ ਹੋ ਕੇ
ਮੈਨੂੰ ਭਰਮ ਸੀ
ਤੂੰ ਸਮੇਟ ਲੈਣਾ ਹੈ
ਆ ਕੇ ਅਪਣੀ ਬੁੱਕਲ ਵਿਚ
ਪਰ ਤੇਰਾ ਇਸ ਤਰਾਂ ਜਾਣਾ
ਹੋਰ ਤੋੜ ਗਿਆ  ਮੈਨੂੰ
ਨਿੱਕੇ ਨਿੱਕੇ ਟੁਕੜਿਆਂ ਵਿਚ....
ਮੈਂ ਖਲਾਅ ਵਿਚ ਲਟਕ ਰਹੀ
ਅਪਣੇ ਆਪ ਤੋਂ ਦੂਰ
ਤੇਰੀ ਮਹੁਬੱਤ ਦੀ ਨਜ਼ਾਇਜ਼
ਯਾਦ ਹਾਂ.................
                    
                 ਪਲਵਿੰਦਰ ਸੰਧੂ