Thursday 3 May 2018

ਕਿੰਨਾ ਕੁਝ ਦਿਖਾਇਆ ਚੰਦਰੇ ਵਕਤਾਂ ਨੇ
ਸਾਡੇ ਪੱਲੇ ਕੱਖ ਨਾ ਪਾਇਆ ਚੰਦਰੇ ਵਕਤਾਂ ਨੇ

ਬੰਜਰ ਹੋ ਗਈ ਦਿਲ ਦੀ ਧਰਤੀ
ਉੱਗੇ ਝਾੜ ਤੇ ਕੰਡੇ
ਪਿਆਰਾਂ ਦੀ ਕਬਰ ਤੇ ਖੜ ਕੇ
ਹਿਜ਼ਰ ਸਮੇਂ ਨੇ ਵੰਡੇ
ਦੇ ਕੇ ਦਰਦ ਬਹੁਤ ਰੁਆਇਆ ਚੰਦਰੇ ਵਕਤਾਂ ਨੇ
ਸਾਡੇ.................

ਔੜਾਂ ਮਾਰੇ ਦਿਲ ਦੇ ਸੁਪਨੇ
ਸੁੱਕ ਗਏ ਖੇਤ ਵਸਲ ਦੇ
ਚਾਵਾਂ ਦੀਆਂ ਕਲੀਆਂ ਦੇ ਪਿੰਡੇ
ਸਖ਼ਤ ਹਲਾਤਾਂ ਮਸਲ ਤੇ
ਹਰ ਚਾਅ ਕੀਤਾ ਪਰਾਇਆ ਚੰਦਰੇ ਵਕਤਾਂ ਨੇ।
ਸਾਡੇ................................................

ਤਿਣਕਾ ਤਿਣਕਾ ਜੋੜ ਕੇ ਆਪਾਂ
ਕੁੱਲੀ ਪਿਆਰ ਦੀ ਪਾਈ
ਪਲਾਂ ਵਿਚ ਖਿਲਰ ਗਿਆ ਸਭ ਕੁਝ
ਕੈਸੀ ਹਨੇਰੀ ਆਈ
ਸੱਧਰਾਂ ਨੂੰ ਖੰਡਰ ਬਣਾਇਆ ਚੰਦਰੇ ਵਕਤਾਂ ਨੇ
ਸਾਡੇ..................................................

Monday 7 December 2015

ਵਿਚ ਪ੍ਰਦੇਸੋਂ ਚਿੱਠੀ ਆਈ
ਪੁੱਤ ਨੇ ਉਹੀ ਆਖ ਸੁਣਾਈ
ਕਿੰਝ ਆਵਾਂ ਕੋਲ ਮਾਂ ਤੇਰੇ
ਡਾਹਢੀ ਮੇਰੀ ਮਜਬੂਰੀ ਆ
ਦਿਲ ਵਿਚ ਤੇਰੇ ਰਹਾਂ ਹਮੇਸ਼ਾ
ਕੀ ਹੋਇਆ ਉਂਜ ਦੂਰੀ ਆ....

ਆਖੇ ਮਾਂ ਇਕ ਗੱਲ ਸੁਣ ਪੁੱਤਰਾ
ਕਿਸਨੂੰ ਦੱਸਾਂ ਦਿਲ ਦਾ ਦੁੱਖਡ਼ਾ
ਬਾਝੋਂ ਤੇਰੇ ਕੌਣ ਇਹ ਸ਼ੇਰਾ
ਉਜਡ਼ਿਆ ਘਰ ਅਬਾਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਵਿਯੋਗ 'ਚ ਤੁਰ ਗਿਆ ਬਾਪੂ ਤੇਰਾ
ਧੀਰ ਬੰਨ੍ਹਾਉਦਾ ਸੀ ਓ ਮੇਰਾ
ਪੁੱਤ ਆਉ ਜਿਸ ਦਿਨ ਅਪਣਾ
ਖੁਸ਼ੀਆਂ ਦੇ ਨਾਲ ਭਰ ਜਾਉ ਵਿਹਡ਼ਾ
ਕਰਦੇ ਤਪਦਾ ਸ਼ੀਤ ਕਾਲਜਾ
ਮਾਂ ਇਕੋ ਇਕ ਫਰਿਆਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ........

ਦੇਖੀਂ ਹੁਣ ਨਾ ਲਾਈਂ ਦੇਰੀ
ਹੋ ਜਾਵਾਂ ਕਿਤੇ ਰਾਖ ਦੀ ਢੇਰੀ
ਤਿਆਗ ਕੇ ਸਭ ਕੁਝ ਮੈਂ ਅਪਣਾ
ਦੇਖੀ ਸੀ ਇਕ ਖੁਸ਼ੀ ਬੱਸ ਤੇਰੀ
ਰੋਵੇਂ ਵਿਚ ਮਸਾਣੀਂ ਆ ਕੇ
ਪਛਤਾਵਾ ਜਾਣ ਤੋਂ ਬਾਅਦ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ....

ਰੋਜ਼ ਇਹੋ ਮੈਂ ਕਰਾਂ ਦੁਆਵਾਂ
ਹੋਣ ਨਾ ਦੂਰ ਪੁੱਤਾਂ ਤੋਂ ਮਾਵਾਂ
ਜਿਸ ਰਾਹੋਂ ਨਾ ਲੰਘੇ ਕੋਈ
ਓਦਰ ਜਾਣ ਉਥੋਂ ਛਾਵਾਂ
ਨਾਲ 'ਜੀਆਂ' ਦੇ, 'ਜੀਅ' ਨੇ ਲੱਗਦੇ
ਉਂਜ ਤਾਂ ਖੰਡਰ ਲੱਗਣ ਥਾਵਾਂ
'ਸੰਧੂ' ਮਾਂ ਨੂੰ ਮਿਲ ਲੈ 'ਪਾਲੀ'
ਮੌਤ ਨਾ ਕਦੇ ਲਿਹਾਜ ਕਰੇ
ਡਾਲਰ ਜੇਕਰ ਦੇਣ ਪੁੱਤ ਛਾਵਾਂ
ਕੌਣ ਮਾਵਾਂ ਨੂੰ ਯਾਦ ਕਰੇ......
       ਪਲਵਿੰਦਰ ਸੰਧੂ
ਆ ਬੈਠ ਸੱਜਣਾ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ
ਬਾਜ਼ ਨਸਲ ਦੀ ਦੁਨੀਆਂ ਤੋਂ
ਕਿੰਝ ਬੋਟ ਇਸ਼ਕ ਦਾ ਬਚਾਵਾਂ

ਤੇਰੀ ਵਸਲ ਦੇ ਸਦਕੇ ਮੈਂ
ਹੱਸ ਕੱਚਿਆਂ ਤੇ ਤਰ ਜਾਵਾਂ
ਜੇ ਕਰਾਂ ਹਿਮਾਕਤ ਭੁੱਲਣ ਦੀ
ਅੱਗ ਦੋਜ਼ਖ਼ ਦੀ ਮੇ ਸਡ਼ ਜਾਵਾਂ
ਸਾਡਾ ਵਿਰਦ ਇਬਾਦਤ ਬੱਸ ਤੇਰੀ
ਨਹੀਂ ਕਾਫ਼ਰ ਮੈਂ ਸੱਦਵਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ.........

ਮੇਰਾ ਕਾਅਬਾ ਦਹਿਲੀਜ਼ ਸੱਜਣਾ ਦੀ
ਸਾਡਾ ਸਜ਼ਦਾ ਕਰ ਕਬੂਲ ਸਾਈਂ
ਬਹਿਸ਼ਤ ਹੈ ਤੇਰੇ ਕਦਮਾਂ ਵਿਚ
ਤੂੰ ਮੇਰਾ ਪਾਕ ਰਸੂਲ ਸਾਈਂ
ਬੰਨ ਪੈਰੀਂ ਝਾਂਜਰ ਵਸਲਾਂ ਦੀ
ਨੱਚ ਨੱਚ ਕੇ ਯਾਰ ਮੰਨਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ........

ਤੇਰੇ ਵੱਲ ਰਕੀਮਾਂ ਕਿੰਝ ਘੱਲਾਂ
ਕਾਸਦ ਕਰੇ ਰਸਾਈ ਨਾ
ਰਹਿਬਰ ਹੀ ਭਟਕਿਆ ਫਿਰਦਾ ਏ
ਤਾਂ ਹੀ ਤਾਂ ਮੰਜਿਲ ਥਿਆਈ ਨਾ
ਤੇਰੇ ਰੰਗ ਦਾ ਐਸਾ ਰੰਗ ਚਡ਼ਿਆ
ਬਿਨ ਤੇਰੇ ਪਲਾਂ ਵਿਚ ਮਰ ਜਾਵਾਂ
ਆ ਸੱਜਣਾ ਬੈਠ..........................
                 ਪਲਵਿੰਦਰ ਸੰਧੂ

Tuesday 18 August 2015

ਪਾਣੀ ਛੰਨੇ ਦੇ ਵਾਗੂੰ ਡਗਮਗਾਉਂਦੇ ਰਹੇ
ਇਸ ਤਰਾਂ ਆਪਾਂ ਜਿੰਦਗੀ ਜਿਉਂਦੇ ਰਹੇ

ਦੋ ਚਿੱਤੇ ਹੋ ਕੇ ਲੰਘਾ ਦਿੱਤੀ ਸਾਰੀ ਹਯਾਤੀ
ਖਿਆਲ ਜਾਂਦੇ ਰਹੇ ਖਿਆਲ ਆਉਂਦੇ ਰਹੇ

ਹੀਆਂ ਨਹੀ ਗਲਤ ਨੂੰ ਗਲਤ ਕਹਿਣ ਦਾ
 ਦੜ  ਵੱਟ   ਬੱਸ  ਟੈਮ  ਟਪਾਉਂਦੇ  ਰਹੇ

ਅਸੀਂ ਤੇਰਿਆਂ ਰੰਗਾਂ ਚ ਰੰਗਿਆ ਸੀ ਖੁੱਦ ਨੂੰ
ਪਰ ਤੈਨੂੰ ਸਦਾ ਗ਼ੈਰ ਹੀ ਕਿਉਂ ਭਾਉਂਦੇ ਰਹੇ

ਸਮਝ ਦਾ ਨਕਾਬ ਆਪਾਂ ਰੱਖਿਆ ਸੀ ਪਾ
ਭਰਮ ਸੁਲਝੇ ਹੋਣ ਦਾ ਹਮੇਸ਼ਾ ਹੰਢਾਉਂਦੇ ਰਹੇ

ਚੜ੍ਹਾ ਕੇ ਕਬਰਾਂ ਤੇ ਫੁੱਲ ਬੜੇ ਅੱਥਰੂ ਵਹਾਏ
ਅਸੀ ਰਾਹੀਂ ਜੀਹਦੇ ਕੰਡੇ ਵਿਛਾਉਂਦੇ ਰਹੇ

ਦਲੀਲ ਸਾਡੀ ਸੀ ਹਨੇਰੇ ਨੂੰ ਮਿਟਾਉਣ ਦੀ
ਪਰ ਦੀਵੇ ਬਲਦੇ ਗਰਾਂ ਦੇ ਬੁਝਾਉਂਦੇ ਰਹੇ

                     ਪਲਵਿੰਦਰ ਸੰਧੂ
ਫੋਕੀਆਂ ਗੱਲਾਂ ਫੋਕੇ ਦਾਅਵੇ ਫੋਕੇ ਨੇ ਕਿਰਦਾਰ
ਵਸਤੂ ਵਾਂਗੂੰ ਆਦਮੀ ਵਿਕਿਆ ਵਿਚ ਬਜ਼ਾਰ

ਪਰਖਿਆ ਜਦੋਂ ਹਾਲਾਤ ਨੇ ਡਿੱਗਿਆ ਮੂਧੇ ਮੂੰਹ
ਜੋ ਰਿਹਾ ਸੁਣਾਉਂਦਾ ਭੀੜ ਨੂੰ ਉੱਚੇ ਸਦਾ ਵਿਚਾਰ

ਕਿੱਦਾਂ ਨੀਵਾਂ ਹੋ ਜਾਵਾਂ ਹੈ ਮੇਰੀ ਵੀ ਕੋਈ ਹੋਂਦ
ਨਜ਼ਰਾਂ ਚੋਂ ਗਿਰ ਆਪਣੇ ਸਮਝੌਤੇ ਕਰੇ ਹਰ ਵਾਰ

ਰਾਹਾਂ ਦੇ ਵਿਚ ਹੋ ਜਾਂਦੇ ਉਹ ਲੋਕੀਂ ਸਦਾ ਖੁਆਰ
ਪਦਵੀ ਖਾਤਿਰ ਵਿਕ ਗਏ ਜਿਨਾਂ ਦੇ ਦਾਨਸ਼ਵਾਰ

ਦਿਲ ਤੇ ਕਿਉਂ ਲਾ ਲਈ ਭੈੜੇ ਜੱਗ ਦੀ ਗੱਲ
ਪੈਰ ਪੈਰ ਤੇ ਬਿਆਨ ਨੂੰ ਬਦਲੇ ਇਹ ਸੰਸਾਰ

                            ਪਲਵਿੰਦਰ ਸੰਧੂ

Monday 17 August 2015

ਆ ਸੱਜਣਾ ਬੈਠ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ
ਬਾਜ਼ ਨਸਲ ਦੀ ਦੁਨੀਆਂ ਤੋਂ
ਕਿੰਝ ਬੋਟ ਇਸ਼ਕ ਦਾ ਬਚਾਵਾਂ

ਤੇਰੀ ਵਸਲ ਦੇ ਸਦਕੇ ਮੈਂ
ਕੱਚਿਆਂ ਤੇ ਹੱਸ ਕੇ ਤਰ ਜਾਵਾਂ
ਜੇ ਕਰਾਂ ਹਿਮਾਕਤ ਭੁੱਲਣ ਦੀ
ਦੋਜ਼ਖ਼ ਦੀ ਅੱਗ ਚ ਸੜ ਜਾਵਾਂ
ਸਾਡਾ ਵਿਰਦ ਇਬਾਦਤ ਬੱਸ ਤੇਰੀ
ਨਹੀਂ ਕਾਫ਼ਰ ਮੈਂ ਸੱਦਵਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ

ਮੇਰਾ ਕਾਅਬਾ ਦਹਿਲੀਜ਼ ਸੱਜਣਾ ਦੀ
ਸਾਡਾ ਸਜ਼ਦਾ ਕਰ ਕਬੂਲ ਸਾਈਂ
ਬਹਿਸ਼ਤ ਹੈ ਤੇਰੇ ਕਦਮਾਂ ਵਿਚ
ਤੂੰ ਮੇਰਾ ਪਾਕ ਰਸੂਲ ਸਾਈਂ
ਬੰਨ ਪੈਰੀਂ ਝਾਂਜਰ ਵਸਲਾਂ ਦੀ
ਨੱਚ ਨੱਚ ਕੇ ਯਾਰ ਮੰਨਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ

ਤੇਰੇ ਵੱਲ ਰਕੀਮਾਂ ਕਿੰਝ ਘੱਲਾਂ
ਕਾਸਦ ਕਰੇ ਰਸਾਈ ਨਾ
ਰਹਿਬਰ ਹੀ ਭਟਕਿਆ ਫਿਰਦਾ ਏ
ਤਾਂ ਹੀ ਤਾਂ ਮੰਜਿਲ ਥਿਆਈ ਨਾ
ਤੇਰੇ ਰੰਗ ਦਾ ਐਸਾ ਰੰਗ ਚੜਿਆ
ਬਿਨ ਤੇਰੇ ਪਲਾਂ ਵਿਚ ਮਰ ਜਾਵਾਂ
ਆ ਸੱਜਣਾ ਬੈਠ ਕੋਲ ਵੇ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਾਂ

                        ਪਲਵਿੰਦਰ ਸੰਧੂ
ਚਿੱਠੀ ਨਾ ਸੰਦੇਸ਼ ਹੀ ਕੋਈ ਘੱਲਿਆ ਸਾਡੇ ਵੱਲੇ
ਤੇਰੀ ਯਾਦ ਤੇ ਮੈਂ ਨਿਮਾਣੀ ਰੋਈਏ ਬਹਿ ਕੇ ਕੱਲੇ

ਪਿਆਲੇ ਅੱਖੀਆਂ ਵਾਲੇ ਸਾਕੀ ਨਿੱਤ ਦਿਹਾਡ਼ੇ ਡੁੱਲਦੇ
ਰੋ ਰੋ ਤੇਰੇ ਹਿਜ਼ਰ ਚ ਯਾਰਾ ਹੋ ਨਾ ਜਾਈਏ ਝੱਲੇ

ਲਾਰਾ ਲਾ ਕੇ ਤੁਰ ਗਿਓ ਸਾਨੂੰ ਵਾਪਸ ਕਦੋਂ ਦੱਸ ਆਉਣਾ
ਤੇਰੀਆਂ ਇਕ ਉਡੀਕਾਂ ਵਾਜੋਂ ਹੋਰ ਕੀ ਸਾਡੇ ਪੱਲੇ

ਮਹਿਰਮ ਕੋਈ ਨਾ ਨਜ਼ਰੀਂ ਪੈਂਦਾ ਜੋ ਆਵੇ ਆਣ ਵੰਡਾਵੇ
ਮੌਤ ਤੋਂ ਭਾਰੇ ਦੇ ਗਿਆ ਸੋਹਣਾ ਜਿਹੜੇ ਦਰਦ ਅਵੱਲੇ

ਤੇਰੇ ਮੇਚ ਨਾ ਆ ਗਈ ਹੋਵੇ ਕਿਸੇ ਗੈਰ ਦੀ ਮੁੰਦਰੀ
ਅਸੀਂ ਤਾਂ ਅਜੇ ਤੱਕ ਸੰਭਾਲੇ ਤੇਰੇ ਦਿੱਤੇ ਛੱਲੇ

ਨਾਲ ਵਫਾਵਾਂ ਗੰਢੀ ਯਾਰੀ ਸਾਹਾਂ ਨਾਲ ਹੀ ਟੁੱਟਣੀ
ਸੁੱਕੇ ਪੱਤੇ ਵਰਗੇ ਨਹੀਂ ਜੋ ਹਵਾ ਦੇ ਰੁਖ ਤੇ ਚੱਲੇ

ਕਿੰਗਰੀ ਤੇਰੇ ਇਸ਼ਕੇ ਦੀ ਜਦ ਵੱਜਦੀ ਵਜ਼ਦ ਨੂੰ ਛੇਡ਼ੇ
ਅਸੀਂ ਸਭ ਲੁਟਾ ਕੇ ਨੱਚਦੇ 'ਸੰਧੂ' ਲੋਕੀਂ ਆਖਣ ਝੱਲੇ

                               ਪਲਵਿੰਦਰ ਸੰਧੂ