Monday 17 August 2015

ਚਿੱਠੀ ਨਾ ਸੰਦੇਸ਼ ਹੀ ਕੋਈ ਘੱਲਿਆ ਸਾਡੇ ਵੱਲੇ
ਤੇਰੀ ਯਾਦ ਤੇ ਮੈਂ ਨਿਮਾਣੀ ਰੋਈਏ ਬਹਿ ਕੇ ਕੱਲੇ

ਪਿਆਲੇ ਅੱਖੀਆਂ ਵਾਲੇ ਸਾਕੀ ਨਿੱਤ ਦਿਹਾਡ਼ੇ ਡੁੱਲਦੇ
ਰੋ ਰੋ ਤੇਰੇ ਹਿਜ਼ਰ ਚ ਯਾਰਾ ਹੋ ਨਾ ਜਾਈਏ ਝੱਲੇ

ਲਾਰਾ ਲਾ ਕੇ ਤੁਰ ਗਿਓ ਸਾਨੂੰ ਵਾਪਸ ਕਦੋਂ ਦੱਸ ਆਉਣਾ
ਤੇਰੀਆਂ ਇਕ ਉਡੀਕਾਂ ਵਾਜੋਂ ਹੋਰ ਕੀ ਸਾਡੇ ਪੱਲੇ

ਮਹਿਰਮ ਕੋਈ ਨਾ ਨਜ਼ਰੀਂ ਪੈਂਦਾ ਜੋ ਆਵੇ ਆਣ ਵੰਡਾਵੇ
ਮੌਤ ਤੋਂ ਭਾਰੇ ਦੇ ਗਿਆ ਸੋਹਣਾ ਜਿਹੜੇ ਦਰਦ ਅਵੱਲੇ

ਤੇਰੇ ਮੇਚ ਨਾ ਆ ਗਈ ਹੋਵੇ ਕਿਸੇ ਗੈਰ ਦੀ ਮੁੰਦਰੀ
ਅਸੀਂ ਤਾਂ ਅਜੇ ਤੱਕ ਸੰਭਾਲੇ ਤੇਰੇ ਦਿੱਤੇ ਛੱਲੇ

ਨਾਲ ਵਫਾਵਾਂ ਗੰਢੀ ਯਾਰੀ ਸਾਹਾਂ ਨਾਲ ਹੀ ਟੁੱਟਣੀ
ਸੁੱਕੇ ਪੱਤੇ ਵਰਗੇ ਨਹੀਂ ਜੋ ਹਵਾ ਦੇ ਰੁਖ ਤੇ ਚੱਲੇ

ਕਿੰਗਰੀ ਤੇਰੇ ਇਸ਼ਕੇ ਦੀ ਜਦ ਵੱਜਦੀ ਵਜ਼ਦ ਨੂੰ ਛੇਡ਼ੇ
ਅਸੀਂ ਸਭ ਲੁਟਾ ਕੇ ਨੱਚਦੇ 'ਸੰਧੂ' ਲੋਕੀਂ ਆਖਣ ਝੱਲੇ

                               ਪਲਵਿੰਦਰ ਸੰਧੂ

No comments:

Post a Comment